ਨਸ਼ਾ ਤਸਕਰੀ ਕੇਸ: ਸਿਆਸੀ

ਆਗੂਆਂ ਨੂੰ ਕਲੀਨ ਚਿੱਟ


ਐਸ.ਏ.ਐਸ. ਨਗਰ (ਮੁਹਾਲੀ), 26 ਮਾਰਚ- ਡਰੱਗ ਤਸਕਰੀ ਮਾਮਲੇ ਵਿੱਚ ਪੁਲੀਸ ਨੇ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਕਲੀਨ ਚਿੱਟ ਦੇ ਦਿੱਤੀ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ’ਤੇ ਬਣੀ ਵਿਸ਼ੇਸ਼ ਜਾਂਚ ਟੀਮ (ਸਿਟ) ਵੱਲੋਂ ਇਸ ਮਾਮਲੇ ਦੀ ਨਵੇਂ ਸਿਰਿਓਂ ਕੀਤੀ ਪੜਤਾਲ ਦੌਰਾਨ ਕਿਸੇ ਵੀ ਸਿਆਸੀ ਆਗੂ ਦਾ ਨਾਂ ਸਾਹਮਣੇ ਨਹੀਂ ਆਇਆ। ਉਂਜ ਜਾਂਚ ਕਮੇਟੀ ਨੇ 20 ਮੁਲਜ਼ਮਾਂ ਵਿੱਚੋਂ ਬਰਖ਼ਾਸਤ ਡੀਐਸਪੀ ਜਗਦੀਸ਼ ਸਿੰਘ ਭੋਲਾ ਸਮੇਤ 13 ਮੁਲਜ਼ਮਾਂ ਖ਼ਿਲਾਫ਼ ਠੋਸ ਸਬੂਤ ਹੋਣ ਦਾ ਦਾਅਵਾ ਕੀਤਾ ਹੈ। ਇਨ੍ਹਾਂ ਵਿੱਚ ਮਨਜਿੰਦਰ ਸਿੰਘ ਔਲਖ ਉਰਫ਼ ਬਿੱਟੂ ਔਲਖ, ਅਨਿਲ ਚੌਹਾਨ, ਸਰਬਜੀਤ ਸਿੰਘ, ਸਤਿੰਦਰ ਧਾਮਾ, ਬਲਜਿੰਦਰ ਸਿੰਘ ਸੋਨੂੰ, ਦਵਿੰਦਰ ਸਿੰਘ ਹੈਪੀ, ਸੁਰਜੀਤ ਸਿੰਘ, ਹਰਮਿੰਦਰ ਸਿੰਘ, ਜਗਜੀਤ ਚਾਹਲ, ਪਰਮਜੀਤ ਚਾਹਲ, ਪਰਮਜੀਤ ਪੰਮਾ ਅਤੇ ਦੀਪ ਸਿੰਘ ਉਰਫ਼ ਦੀਪੂ ਸ਼ਾਮਲ ਹਨ। ਉਂਜ ਸਾਰੇ ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਹੀ ਦੋਸ਼ ਤੈਅ ਹੋ ਚੁੱਕੇ ਹਨ। ‘ਸਿਟ’ ਵੱਲੋਂ 16 ਮਾਰਚ ਨੂੰ ਮੁਹਾਲੀ ਦੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਆਂਸਲ ਬੇਰੀ ਦੀ ਅਦਾਲਤ ਵਿੱਚ ਕਰੀਬ 1700 ਪੰਨਿਆਂ ਦੀ ਇਹ ਜਾਂਚ ਰਿਪੋਰਟ ਪੇਸ਼ ਕੀਤੀ ਗਈ ਸੀ। ਪੁਲੀਸ ਨੇ ਆਪਣੀ ਰਿਪੋਰਟ ਵਿੱਚ ਮੁਲਜ਼ਮਾਂ ਦੇ ਮੋਬਾਈਲ ਫੋਨਾਂ ਦੀ ਕਾਲ ਡਿਟੇਲ ਅਤੇ ਕਬਜ਼ੇ ਵਿੱਚ ਲਏ ਕੰਪਿਊਟਰਾਂ ਨੂੰ ਆਧਾਰ ਬਣਾਇਆ ਹੈ। ਰਿਪੋਰਟ ਮੁਤਾਬਕ ਕੋਈ ਵੀ ਸ਼ੱਕੀ ਰਾਜਸੀ ਆਗੂ ਮੁਲਜ਼ਮਾਂ ਦੇ ਸੰਪਰਕ ਵਿੱਚ ਨਹੀਂ ਸੀ ਅਤੇ ਨਾ ਕਬਜ਼ੇ ਵਿੱਚ ਲਏ ਕੰਪਿਊਟਰਾਂ ਦੀ ਜਾਂਚ ਦੌਰਾਨ ਕਿਸੇ ਵਿਰੁੱਧ ਕੋਈ ਸਬੂਤ ਮਿਲਿਆ ਹੈ। ਖ਼ਾਸ ਗੱਲ ਇਹ ਹੈ ਕਿ ਜਿਸ ਦਿਨ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ, ਉਸੇ ਦਿਨ ਇਹ ਰਿਪੋਰਟ ਅਦਾਲਤ ਵਿੱਚ ਪੇਸ਼ ਕੀਤੀ ਗਈ। ਇਸ ਸਬੰਧੀ ਸੰਪਰਕ ਕਰਨ ’ਤੇ ਆਈਜੀ ਈਸ਼ਵਰ ਸਿੰਘ ਨੇ ਕੋਈ ਟਿੱਪਣੀ ਕਰਨ ਤੋਂ ਸਾਫ਼ ਮਨ੍ਹਾ ਕਰ ਦਿੱਤਾ।

 

Latest News
Magazine Archive